ਅਮਰੀਕਾ ’ਚ ਭਾਰਤੀ ਵਿਦਿਆਰਥੀ ’ਤੇ ਚਾਕੂ ਨਾਲ ਹਮਲਾ

Washington- ਅਮਰੀਕਾ ’ਚ ਗੋਲੀਬਾਰੀ ਅਤੇ ਛੁਰਾ ਮਾਰਨ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਅਮਰੀਕੀ ਸੂਬੇ ਇੰਡੀਆਨਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ 24 ਸਾਲਾ ਭਾਰਤੀ ਵਿਦਿਆਰਥੀ ਨੂੰ ਚਾਕੂ ਮਾਰ ਦਿੱਤਾ ਗਿਆ ਅਤੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਕ ਮੀਡੀਆ ਰਿਪੋਰਟ ਮੁਤਾਬਕ 24 ਸਾਲਾ ਹਮਲਾਵਰ ਜੌਰਡਨ ਐਂਡਰੇਡ ਨੇ ਐਤਵਾਰ ਸਵੇਰੇ ਇੰਡੀਆਨਾ ਦੇ ਵਾਲਪੇਰਾਇਸੋ ਸ਼ਹਿਰ ਦੇ ਇਕ ਜਿਮ ’ਚ ਵਰੁਣ ’ਤੇ ਉਸ ਦੇ ਕੰਨ ਨੇੜੇ ਚਾਕੂ ਨਾਲ ਹਮਲਾ ਕੀਤਾ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਹੁਣ ਅਧਿਕਾਰੀ ਇਸ ਹਮਲੇ ਦੀ ਜਾਂਚ ਕਰ ਰਹੇ ਹਨ। ਘਟਨਾ ਤੋਂ ਬਾਅਦ, ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਪੁਲਿਸ ਉਸ ’ਤੇ ਮਾਰੂ ਹਥਿਆਰਾਂ ਨਾਲ ਹਮਲਾ ਕਰਨ ਅਤੇ ਕਤਲ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਹੈ।
ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ਵਰੁਣ ’ਤੇ ਕਾਫ਼ੀ ਘਾਤਕ ਹਮਲਾ ਕੀਤਾ ਗਿਆ ਅਤੇ ਉਸ ਦੀਆਂ ਸੱਟਾਂ ਦੀ ਗੰਭੀਰਤਾ ਕਾਰਨ ਉਸ ਨੂੰ ਫੋਰਟ ਵੇਨ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ। ਹਮਲੇ ਕਾਰਨ ਉਸ ਦਾ ਕਾਫੀ ਖੂਨ ਵਹਿ ਗਿਆ ਸੀ, ਜਿਸ ਕਾਰਨ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।