ਸੀ.ਐੱਮ ਨੇ ਆਪਣੀ ਗਲਤੀ ਲੁਕਾਉਣ ਲਈ ਅਫਸਰਾਂ ‘ਤੇ ਕੀਤੀ ਕਾਰਵਾਈ- ਮਜੀਠੀਆ

ਡੈਸਕ- ਮਾਨ ਸਰਕਾਰ ਵਲੋਂ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਲੈਣ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾ ਗਈ ਹੈ। ਅਕਾਲੀ ਦਲ ਨੇ ਇਸ ਮਾਮਲੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨੇ ਵਿੰਨੇ ਹਨ। ਅਕਾਲੀ ਨੇਤਾ ਬਿਕਰਮ ਮਜੀਠੀਆ ਨੇ ਮੀਡੀਆ ਚ ਸਰਕਾਰੀ ਚਿੱਠੀ ਜਾਰੀ ਕਰਕੇ ਸਵਾਲ ਖੜੇ ਕੀਤੇ ਹਨ। ਇਸ ਚਿੱਠੀ ਚ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਸਮੇਤ ਆਈ.ਏ.ਐੱਸ ਅਫਸਰਾਂ ‘ਤੇ ਹਸਤਾਖਰ ਹਨ। ਅਦਾਲਤ ਚ ਫੈਸਲਾ ਵਾਪਿਸ ਲੈਣ ਦੇ ਬਿਆਨ ਤੋਂ ਬਾਅਦ ਮਾਨ ਸਰਕਾਰ ਵਲੋਂ ਉਕਰ ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ।

ਹੁਣ ਅਕਾਲੀ ਦਲ ਦਾ ਕਹਿਣਾ ਹੈ ਕਿ ਸਰਕਾਰ ਨੇ ਪਹਿਲਾਂ ਅਫਸਰਾਂ ‘ਤੇ ਦਬਾਅ ਪਾ ਕੇ ਪੰਚਾਇਤਾਂ ਭੰਗ ਕਰਨ ਦੀ ਨੋਟੀਫਿਕੇਸ਼ਨ ਜਾਰੀ ਕੀਤੀ। ਮਾਮਲਾ ਅਦਾਲਤ ਚ ਜਾਣ ਤੋਂ ਬਾਅਦ ਸਰਕਾਰ ਨੇ ਯੂ ਟਰਨ ਲੈ ਕੇ ਇਸ ਨੂੰ ਵਾਪਿਸ ਲਿਆ।ਮਜੀਠੀਆ ਦਾ ਕਹਿਣਾ ਹੈ ਕਿ ਆਪਣੀ ਕਿਰਕਿਰੀ ਨੂੰ ਬਚਾਉਣ ਲਈ ਅਫਸਰਾਂ ਦੀ ਬਲੀ ਦਿੱਤੀ ਹੈ।ਮਜੀਠੀਆ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਮੁੱਖ ਮੰਤਰੀ ਮਾਨ ਅਤੇ ਮੰਤਰੀ ਭੁੱਲਰ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਅਕਾਲੀ ਨੇਤਾ ਬਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਭਗਵੰਤ ਮਾਨ ਮੁੱਖ ਮੰਤਰੀ ਦੀ ਕੁਰਸੀ ਦੇ ਯੋਗ ਨਹੀਂ ਹਨ।