ਰਾਸ਼ਟਰਪਤੀ ਜੋ ਬਾਇਡਨ ਨੇ ਕੀਤਾ ਹਵਾਈ ਦਾ ਦੌਰਾ, ਘਾਤਕ ਜੰਗਲੀ ਅੱਗ ਕਾਰਨ ਹੋਏ ਨੁਕਸਾਨ ਦਾ ਲਿਆ ਜਾਇਜ਼ਾ

Maui- ਘਾਤਕ ਜੰਗਲੀ ਅੱਗ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਵਲੋਂ ਹਵਾਈ ਦਾ ਦੌਰਾ ਕੀਤਾ ਗਿਆ। ਉਹ ਇਸ ਹਾਦਸੇ ਦੇ ਕਰੀਬ 13 ਦਿਨਾਂ ਬਾਅਦ ਸੋਮਵਾਰ ਨੂੰ ਮਾਉਈ ਪਹੁੰਚੇ, ਜਿੱਥੇ ਕਿ ਉਨ੍ਹਾਂ ਨੇ ਇਸ ਹਾਦਸੇ ਦੇ ਪੀੜਤਾਂ ਨੂੰ ਦਿਲਾਸਾ ਦਿੰਦਿਆਂ ਕਿਹਾ ਦੇਸ਼ ‘‘ਤੁਹਾਡੇ ਨਾਲ ਦੁਖੀ ਹੈ।’’
ਬਾਇਡਨ ਅਤੇ ਫਰਸਟ ਲੇਡੀ ਜਿਲ ਬਾਇਡਨ ਨੇ ਲਾਹਿਨਾ ਸ਼ਹਿਰ ’ਚ ਖ਼ਾਕ ਹੋ ਚੁੱਕੀਆਂ ਖੰਡਰ ਇਮਾਰਤਾਂ ਦਾ ਵੀ ਦੌਰਾ ਕੀਤਾ ਅਤੇ ਇਸ ਦੌਰਾਨ ਇੱਥੇ ਕੰਮ ਕਰ ਰਹੇ ਫਰਸਟ ਰਿਸਪਾਂਡਰਾਂ ਨਾਲ ਵੀ ਮੁਲਾਕਾਤ ਕੀਤੀ। ਦੱਸਣਯੋਗ ਹੈ ਕਿ ਇਸ ਘਾਤਕ ਅੱਗ ਕਾਰਨ ਇੱਥੇ ਘੱਟੋ-ਘੱਟ 114 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 850 ਲੋਕ ਅਜੇ ਵੀ ਲਾਪਤਾ ਹਨ। ਹਵਾਈ ਦੇ ਗਵਰਨਰ ਦਾ ਕਹਿਣਾ ਹੈ ਕਿ ਪੀੜਤਾਂ ’ਚ ਕਈ ਬੱਚੇ ਵੀ ਹੋ ਸਕਦੇ ਹਨ।
ਇਮਾਰਤਾਂ ਦੇ ਮਲਬੇ ਵਿਚਾਲੇ ਕਰੀਬ 10 ਮਿੰਟਾਂ ਤੱਕ ਲੋਕਾਂ ਨਾਲ ਗੱਲਬਾਤ ਕਰਦਿਆਂ ਬਾਇਡਨ ਨੇ ਕਿਹਾ ਕਿ, ‘‘ਜਿੰਨਾ ਸਮਾਂ ਲੱਗੇਗਾ, ਅਸੀਂ ਤੁਹਾਡੇ ਨਾਲ ਰਹਾਂਗੇ। ਪੂਰਾ ਦੇਸ਼ ਤੁਹਾਡੇ ਨਾਲ ਰਹੇਗਾ।’’ ਉਨ੍ਹਾਂ ਅੱਗੇ ਕਿਹਾ, ‘‘ਦੇਸ਼ ਤੁਹਾਡੇ ਨਾਲ ਦੁਖੀ ਹੈ, ਤੁਹਾਡੇ ਨਾਲ ਖੜ੍ਹਾ ਹੈ ਅਤੇ ਤੁਹਾਡੇ ਠੀਕ ਹੋਣ ’ਚ ਮਦਦ ਕਰਨ ਲਈ ਹਰ ਸੰਭਵ ਯਤਨ ਕਰੇਗਾ।’’ ਬਾਇਡਨ ਨੇ ਜੰਗਲ ਦੀ ਇਸ ਅੱਗ ਨੂੰ ਭਾਰੀ ਤਬਾਹੀ ਦੱਸਿਆ ਹੈ।
ਦੱਸ ਦਈਏ ਕਿ ਬੀਤੀ 8 ਅਗਸਤ ਨੂੰ ਇਸ ਭਿਆਨਕ ਅੱਗ ਲੱਗਣ ਮਗਰੋਂ ਛੁੱਟੀਆਂ ’ਤੇ ਰਹਿਣ ਕਾਰਨ ਰੀਪਬਲਕਿਨਾਂ ਨੇ ਡੈਮੋਕ੍ਰੇਟਿਕ ਰਾਸ਼ਟਰਪਤੀ ਜੋ ਬਾਇਡਨ ਦੀ ਜੰਮ ਕੇ ਨਿਖੇਧੀ ਕੀਤੀ ਸੀ। ਹਾਲਾਂਕਿ ਵ੍ਹਾਈਟ ਹਾਊਸ ਮੁਤਾਬਕ ਹਵਾਈ ਯਾਤਰਾ ਲਈ, ਬਾਇਡਨ ਨੇ ਨੇਵਾਦਾ ’ਚ ਲੇਕ ਤਾਹੋ ’ਚ ਆਪਣੀਆਂ ਮੌਜੂਦਾ ਛੁੱਟੀਆਂ ਰੋਕ ਦਿੱਤੀਆਂ, ਜਿੱਥੇ ਕਿ ਉਹ ਇੱਕ ਡੈਮੋਕ੍ਰੇਟਿਕ ਡੋਨਰ ਦੇ ਘਰ ਨੂੰ ਕਿਰਾਏ ’ਤੇ ਲੈ ਰਹੇ ਸਨ।
ਦੱਸ ਦਈਏ ਕਿ ਬੀਤੀ 13 ਅਗਸਤ ਨੂੰ ਡੇਲਾਵੇਅਰ ਸਮੁੰਦਰੀ ਤੱਟ ’ਤੇ ਗਏ ਬਾਇਡਨ ਨੂੰ ਜਦੋਂ ਇਸ ਅੱਗ ਕਾਰਨ ਵਧਦੀਆਂ ਮੌਤਾਂ ਦਾ ਅੰਕੜਾ ਪੁੱਛਿਆ ਗਿਆ ਤਾਂ ਉਨ੍ਹਾਂ ‘‘ਕੋਈ ਟਿੱਪਣੀ ਨਹੀਂ’’ ਕਹਿ ਕੇ ਹਵਾਈ ਵਾਸੀਆਂ ਨੂੰ ਨਾਰਾਜ਼ ਕਰ ਦਿੱਤਾ। ਇਸ ਬਾਰੇ ’ਚ ਵ੍ਹਾਈਟ ਹਾਊਸ ਨੇ ਕਿਹਾ ਕਿ ਰਾਸ਼ਟਰਪਤੀ ਵਲੋਂ ਆਪਣੇ ਦੌਰੇ ’ਚ ਦੇਰੀ ਕਰਨ ਦਾ ਮੁੱਖ ਕਾਰਨ ਇਹ ਸੀ ਕਿ ਉਹ ਰਾਹਤ ਕਾਰਜਾਂ ’ਚ ਕੋਈ ਰੁਕਾਵਟ ਨਹੀਂ ਪਾਉਣਾ ਚਾਹੁੰਦੇ ਸਨ।