ਕੇਂਦਰੀ ਮੰਤਰੀ ਦੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ਦੇ ਫ਼ੈਸਲੇ ਦਾ ਕਿਊਬਕ ਵਲੋਂ ਵਿਰੋਧ

Montreal- ਕੇਂਦਰੀ ਰਿਹਾਇਸ਼ ਮੰਤਰੀ ਵਲੋ ਕੈਨੇਡਾ ’ਚ ਰਿਹਾਇਸ਼ੀ ਸੰਕਟ ਲਈ ਕੌਮਾਂਤਰੀ ਨੂੰ ਵਿਦਿਆਰਥੀ ਠਹਿਰਾਉਣ ਅਤੇ ਉਨ੍ਹਾਂ ਦੀ ਗਿਣਤੀ ਨੂੰ ਸੀਮਤ ਕਰਨ ਦੇ ਫ਼ੈਸਲੇ ਦੀ ਕਿਊਬਕ ਦੀਆਂ ਯੂਨੀਵਰਸਿਟੀ ਵਲੋਂ ਨਿਖੇਧੀ ਕੀਤੀ ਗਈ ਹੈ। ਇੱਥੋਂ ਦੀਆਂ ਯੂਨੀਵਰਸਿਟੀਆਂ ਦੇ ਪ੍ਰਸ਼ਾਸਕਾਂ, ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਨਾਲ ਰਿਹਾਇਸ਼ ਦੀ ਕਮੀ ਨੂੰ ਦੂਰ ਕਰਨ ’ਚ ਕੋਈ ਮਦਦ ਨਹੀਂ ਮਿਲੇਗੀ ਅਤੇ ਇਸ ਦੀ ਬਜਾਏ ਯੂਨੀਵਰਸਿਟੀ ਖੋਜ ਨੂੰ ਨੁਕਸਾਨ ਪੁਹੰਚੇਗਾ ਅਤੇ ਕਿਊਬਕ, ਕੁਸ਼ਲ ਪ੍ਰਵਾਸੀਆਂ ਤੋਂ ਵਾਂਝਾ ਹੋ ਜਾਵੇਗਾ।
ਮਾਂਟਰੀਆਲ ਯੂਨੀਵਰਸਿਟੀ ਦੇ ਰੈਕਟਰ ਡੈਨੀਅਲ ਜੁਟਰਾਸ ਦਾ ਕਹਿਣਾ ਹੈ ਕਿ ਕੈਨੇਡਾ ਦਾ ਰਿਹਾਇਸ਼ੀ ਸੰਕਟ ਦੇਸ਼ ’ਚ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ’ਚ ਵਾਧੇ ਦਾ ਨਤੀਜਾ ਨਹੀਂ ਹੈ। ਜੁਟਰਾਸ ਨੇ ਕਿਹਾ, ‘‘ਰਿਹਾਇਸ਼ ਸਮੱਸਿਆ ਅਸਲ ਹੈ, ਸਮੱਸਿਆ ਗੰਭੀਰ ਹੈ ਪਰ ਇਹ ਇੱਕ ਅਜਿਹੀ ਸਮੱਸਿਆ ਹੈ, ਜਿਹੜੀ ਪਿਛਲੇ ਦੋ ਦਹਾਕਿਆਂ ਦੇ ਢਾਂਚਾਗਤ ਮੁੱਦਿਆਂ ਦੇ ਸਿੱਟੇ ਵਜੋਂ ਵਿਕਸਿਤ ਹੋ ਰਹੀ ਹੈ, ਜੋ ਮੈਨੂੰ ਲੱਗਦਾ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਦੀ ਆਮਦ ਨਾਲ ਸਿੱਧੇ ਤੌਰ ’ਤੇ ਸੰਬੰਧਿਤ ਨਹੀਂ ਹੈ।’’
ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ ਨੂੰ ਕੇਂਦਰੀ ਰਿਹਾਇਸ਼ ਮੰਤਰੀ ਸੀਨ ਫਰੇਜ਼ਰ ਨੇ ਸੁਝਾਅ ਦਿੱਤਾ ਸੀ ਕਿ ਹਾਲ ਹੀ ਦੇ ਸਾਲਾਂ ’ਚ ਕੈਨੇਡਾ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ’ਚ ਵਿਸਫੋਟਕ ਵਾਧਾ ਹੋਇਆ ਹੈ ਅਤੇ ਇਸ ਵਾਧੇ ਨੂੰ ਸੀਮਤ ਕਰਨਾ ਰਿਹਾਇਸ਼ ਦੀ ਮੰਗ ਨੂੰ ਘਟਾਉਣ ਦਾ ਹੀ ਇੱਕ ਬਦਲ ਹੈ। ਸਾਲ 2022 ’ਚ ਫੈਡਰਲ ਸਰਕਾਰ ਵਲੋਂ 540,000 ਤੋਂ ਵੱਧ ਨਵੇਂ ਕੌਮਾਂਤਰੀ ਸਟੱਡੀ ਪਰਮਿਟ ਜਾਰੀ ਕੀਤੇ ਗਏ ਸਨ, ਜਿਹੜਾ ਕਿ 2021 ਤੋਂ 24 ਫ਼ੀਸਦੀ ਵਧੇਰੇ ਹੈ। ਫਰੇਜ਼ਰ ਦਾ ਕਹਿਣ ਸੀ ਕਿ ਓਟਾਵਾ ਆਵਾਸ ਦਬਾਅ ਨੂੰ ਘਟਾਉਣ ਲਈ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ’ਤੇ ਵਿਚਾਰ ਕਰ ਰਿਹਾ ਹੈ।
ਕਿਊਬਕ ਦੇ ਪ੍ਰੀਮੀਅਰ ਅਤੇ ਹੋਰਨਾਂ ਮੰਤਰੀ ਨੇ ਓਟਾਵਾ ਨੂੰ ਯਾਦ ਦਿਵਾਉਂਦਿਆਂ ਇਸ ਵਿਚਾਰ ਨੂੰ ਤੇਜ਼ੀ ਨਾਲ ਖ਼ਾਰਿਜ ਕਰ ਦਿੱਤਾ ਕਿ ਸਿੱਖਿਆ ਇੱਕ ਸੂਬਾਈ ਅਧਿਕਾਰ ਖੇਤਰ ਹੈ।
ਜੂਟਰਾਸ ਨੇ ਕਿਹਾ ਕਿ ਮਾਂਟਰੀਆਲ ਯੂਨੀਵਰਿਸਟੀ ਦੇ ਲਗਭਗ 42,000 ਵਿਦਿਆਰਥੀਆਂ ’ਚੋਂ ਲਗਭਗ 6,000 ਕੌਮਾਂਤਰੀ ਹਨ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਗਿਣਤੀ ਸ਼ਹਿਰ ਦੇ ਆਵਾਸ ਬਾਜ਼ਾਰ ਨੂੰ ਪ੍ਰਭਾਵਿਤ ਕਰਨ ਲਈ ਕਾਫ਼ੀ ਹੈ। ਉਨ੍ਹਾਂ ਅੱਗੇ ਕਿਹਾ, ‘‘ਕੈਨੇਡਾ ’ਚ ਉਨ੍ਹਾਂ ਦੀ ਹਾਜ਼ਰੀ ਅਤੇ ਉਨ੍ਹਾਂ ਦੇ ਯੋਗਦਾਨ ਦੇ ਮਹੱਤਵ ਨੂੰ ਦੇਖਦਿਆਂ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ’ਚ ਕਟੌਤੀ ਕਰਨਾ ਚੰਗਾ ਵਿਚਾਰ ਨਹੀਂ ਹੈ।’’ ਜੂਟਰਾਸ ਨੇ ਕਿਹਾ ਕਿ ਕੈਨੇਡਾ ’ਚ ਵਿਦੇਸ਼ੀ ਵਿਦਿਆਰਥੀਆਂ ਨੂੰ ਜਿਹੜੀ ਵੀ ਸਿੱਖਿਆ ਮਿਲਦੀ ਹੈ, ਉਹ ਉਸ ਨੂੰ ਦੇਸ਼ ਦੀ ਸਫ਼ਲਤਾ ਲਈ ਤਿਆਰ ਕਰਦੀ ਹੈ।
ਪਿਛਲੇ ਇੱਕ ਦਹਾਕੇ ਦੌਰਾਨ ਕਿਊਬਕ ’ਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਦੁੱਗਣੀ ਹੋਈ ਹੈ। ਦਸੰਬਰ 2022 ਤੱਕ ਕਿਊਬਕ ਦੀਆਂ ਯੂਨੀਵਰਸਿਟੀਆਂ ’ਚ 58,675 ਕੌਮਾਂਤਰੀ ਵਿਦਿਆਰਥੀ ਸਨ, ਜਿਹੜੀ ਕਿ ਇੱਕ ਸਾਲ ਪਹਿਲਾਂ ਦੀ ਤੁਲਨਾ ’ਚ 10,000 ਦਾ ਵਾਧਾ ਸੀ। ਉੱਥੇ ਹੀ ਹੋਰ 19,460 ਕੌਮਾਂਤਰੀ ਵਿਦਿਆਰਥੀ ਜਨਤਕ ਜੂਨੀਅਰ ਕਾਲਜਾਂ ਅਤੇ ਨਿੱਜੀ ਕੈਰੀਅਰ ਕਾਲਜਾਂ ’ਚ ਪੜ੍ਹਦੇ ਹਨ।
ਮੈਕਗਿਲ ਯੂਨੀਵਰਸਿਟੀ ’ਚ ਕਾਨੂੰਨ ਅਤੇ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਵਿਕਟਰ ਮੁਨਿਜ਼-ਫਰੈਟਿਸੇਲੀ ਦਾ ਕਹਿਣਾ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਧਣ ਨਾਲ ਵੱਡੇ ਸ਼ਹਿਰਾਂ ਦੇ ਉਲਟ ਛੋਟੇ ਸ਼ਹਿਰਾਂ ਦੀ ਰਿਹਾਇਸ਼ ’ਤੇ ਅਸਰ ਪੈ ਸਕਦਾ ਹੈ। ਹਾਲ ਹੀ ’ਚ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ, ‘‘ਟੋਰਾਂਟੋ, ਵੈਨਕੂਵਰ ਜਾਂ ਮਾਂਟਰੀਆਲ ਵਰਗੇ ਸ਼ਹਿਰਾਂ ’ਚ ਕੌਮਾਂਤਰੀ ਵਿਦਿਆਰਥੀਆਂ ਨੂੰ ਦੋਸ਼ ਦੇਣਾ ਪੂਰੀ ਤਰ੍ਹਾਂ ਨਾਲ ਬੇਤੁਕਾ ਹੈ, ਜਦੋਂ ਕਿ ਉਹ ਆਬਾਦੀ ਦਾ ਇੱਕ ਛੋਟਾ ਜਿਹਾ ਹਿੱਸਾ ਹਨ ਅਤੇ ਉਨ੍ਹਾਂ ਕੋਲ ਲੰਬੇ ਸਮੇਂ ਦੇ ਨਿਵਾਸੀਆਂ ਨਾਲੋਂ ਪੂਰੀ ਤਰ੍ਹਾਂ ਵੱਖਰਾ ਰਿਹਾਇਸ਼ੀ ਬਾਜ਼ਾਰ ਹੈ।