ਵਿਦੇਸ਼ੀ ਦਖ਼ਲ ਅੰਦਾਜ਼ੀ ਦੀ ਜਾਂਚ ਦੌਰਾਨ ਚੀਨ ਤੋਂ ਪਰੇ ਵੀ ਦੇਖਣ ਦੀ ਲੋੜ- ਜਗਮੀਤ ਸਿੰਘ

Halifax- ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਵਿਦੇਸ਼ੀ ਦਖ਼ਲ ਅੰਦਾਜ਼ੀ ਦੀ ਜਨਤਕ ਜਾਂਚ ਦੇ ਮੁੱਦੇ ‘ਤੇ ਚੀਨ ਤੋਂ ਪਰੇ ਹੋਰ ਦੇਸ਼ਾਂ ਨੂੰ ਵੀ ਸ਼ਾਮਲ ਕਰਨ ਨੂੰ ਲੈ ਕੇ ਉਨ੍ਹਾਂ ਦੀ ਪਾਰਟੀ ਵਿਰੋਧ ਦਾ ਸਾਹਮਣਾ ਕਰ ਰਹੀ ਹੈ। ਮੁੱਖ ਫੈਡਰਲ ਪਾਰਟੀਆਂ ਦੇ ਆਗੂ ਜਾਂਚ ਲਈ ਸ਼ਰਤਾਂ ਅਤੇ ਸਮਾਂ ਸੀਮਾ ਨਿਰਧਾਰਤ ਕਰਨ ਅਤੇ ਇੱਕ ਸੰਭਾਵੀ ਲੀਡਰ ਨਿਯੁਕਤ ਕਰਨ ਦੇ ਯਤਨਾਂ ’ਚ ਗਰਮੀਆਂ ’ਚ ਕਈ ਬੈਠਕਾਂ ਕਰ ਚੁੱਕੇ ਹਨ। ਇਸ ਸਾਲ ਦੇ ਸ਼ੁਰੂ ’ਚ ਕੁਝ ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਸੀ ਕਿ ਚੀਨ ਨੇ ਪਿਛਲੀਆਂ ਦੋ ਫ਼ੈਡਰਲ ਚੋਣਾਂ ’ਚ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਪਾਰਟੀਆਂ ਇਸ ਗੱਲ ‘ਤੇ ਵੀ ਸਹਿਮਤ ਹਨ ਕਿ ਇਸ ਨਾਲ ਚੋਣ ਨਤੀਜੇ ਪ੍ਰਭਾਵਿਤ ਨਹੀਂ ਹੋਏ ਸਨ।
ਜਗਮੀਤ ਸਿੰਘ ਨੇ ਕਿਹਾ ਕਿ ਐਨ. ਡੀ. ਪੀ. ਵਿਦੇਸ਼ੀ ਦਖ਼ਲ ਦੀਆਂ ਕੋਸ਼ਿਸ਼ਾਂ ਦੀ ਜਾਂਚ ’ਚ ਰੂਸ, ਇਰਾਨ ਅਤੇ ਭਾਰਤ ਵਰਗੇ ਦੇਸ਼ਾਂ ਦੀਆਂ ਵਾਧੂ ਗਤੀਵਿਧੀਆਂ ਨੂੰ ਵੀ ਸ਼ਾਮਲ ਕਰਨ ਦੀ ਮੰਗ ਕਰ ਰਹੀ ਹੈ। ਹੈਲੀਫੈਕਸ ’ਚ ਗੱਲਬਾਤ ਕਰਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਅਸੀਂ ਇਸ ਗੱਲ ’ਤੇ ਜ਼ੋਰ ਪਾ ਰਹੇ ਹਾਂ ਕਿ ਜਨਤਕ ਜਾਂਚ ’ਚ ਉਨ੍ਹਾਂ ਸਾਰੇ ਦੇਸ਼ਾਂ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਜਿਹੜੇ ਮਹੱਤਵਪੂਰਨ ਤਰੀਕੇ ਨਾਲ ਸਾਡੇ ਲੋਕਤੰਤਰ ’ਚ ਦਖ਼ਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਈਚਾਰੇ ਦੇ ਸਮੂਹਾਂ ਵਲੋਂ ਦੂਜੇ ਦੇਸ਼ਾਂ ’ਤੇ ਗੰਭੀਰ ਦੋਸ਼ ਲਾਉਣ ਦੇ ਬਾਵਜੂਦ ਹੋਰ ਪਾਰਟੀਆਂ ਇਸ ਗੱਲ ’ਤੇ ਸਪਸ਼ਟ ਨਹੀਂ ਹਨ ਕਿ ਜਾਂਚ ਨੂੰ ਚੀਨ ਤੋਂ ਪਰੇ ਦੇਖਣਾ ਚਾਹੀਦਾ ਹੈ ਜਾਂ ਨਹੀਂ।