ਹਰਿਮੰਦਰ ਸਾਹਿਬ ਨੇੜੇ ਹੋਏ ਧਮਾਕੇ ਦੇ ਮੁੱਖ ਸਾਜਿਸ਼ਕਰਤਾ ਖਿਲਾਫ ਗ੍ਰਾਮ ਪੰਚਾਇਤ ਦਾ ਵੱਡਾ ਫੈਸਲਾ

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਨੇੜੇ ਹੋਏ ਬੰਬ ਧਮਾਕੇ ਦੇ ਮੁੱਖ ਮੁਲਜ਼ਮ ਆਜ਼ਾਦਵੀਰ ਸਿੰਘ ਨੂੰ ਕੱਲ੍ਹ ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਜੋ ਕਿ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਵਡਾਲਾ ਕਲਾਂ ਦਾ ਵਸਨੀਕ ਹੈ।

ਪਿੰਡ ਦੇ ਸਰਪੰਚ ਤੇਜਿੰਦਰ ਸਿੰਘ ਪੱਪੀ ਨੇ ਦੱਸਿਆ ਕਿ ਅਜ਼ਾਦਵੀਰ ਸਿੰਘ ਖ਼ਿਲਾਫ਼ ਚੱਲ ਰਹੇ ਅਦਾਲਤੀ ਕੇਸਾਂ ਵਿੱਚ ਪੰਚਾਇਤ ਵੱਲੋਂ ਕੋਈ ਬਚਾਅ ਕਾਰਵਾਈ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਜ਼ਾਦਵੀਰ ਨਾਲ ਕੋਈ ਮੀਟਿੰਗ ਨਹੀਂ ਹੋਵੇਗੀ ਅਤੇ ਪਿੰਡ ਦਾ ਕੋਈ ਵੀ ਪ੍ਰਮੁੱਖ ਆਗੂ ਉਸ ਦੀ ਜ਼ਮਾਨਤ ਲਈ ਅੱਗੇ ਨਹੀਂ ਆਵੇਗਾ।

ਦੂਜੇ ਪਾਸੇ ਧਮਾਕਿਆਂ ਦੇ ਮੁਲਜ਼ਮਾਂ ਕੋਲੋਂ 2 ਚਿੱਠੀਆਂ ਮਿਲੀਆਂ ਹਨ ਜੋ ਆਜ਼ਾਦਵੀਰ ਵੱਲੋਂ ਲਿਖੀਆਂ ਗਈਆਂ ਸਨ। ਉਹਨਾਂ ਵਿੱਚੋ ਇੱਕ ਚਿੱਠੀ ਪਾੜ ਦਿੱਤੀ ਗਈ। ਅਜ਼ਾਦਵੀਰ ਸਿੰਘ ਨੂੰ ਵਿਦੇਸ਼ ਤੋਂ ਇੱਕ ਹੈਂਡਲਰ ਦੁਆਰਾ ਫੰਡ ਦਿੱਤਾ ਜਾ ਰਿਹਾ ਸੀ। ਉਹ ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ ‘ਤੇ ਹੀ ਉਕਤ ਬੰਬ ​​ਧਮਾਕਿਆਂ ਨੂੰ ਅੰਜਾਮ ਦੇ ਰਿਹਾ ਸੀ। ਪੁਲਿਸ ਨੂੰ ਇੱਕ ਫਟਿਆ ਹੋਇਆ ਪੱਤਰ ਮਿਲਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਮੁੱਖ ਅੱਤਵਾਦੀ ਆਜ਼ਾਦਵੀਰ ਸਿੰਘ ਇਨ੍ਹਾਂ ਬੰਬ ਧਮਾਕਿਆਂ ਰਾਹੀਂ ਦਹਿਸ਼ਤ ਫੈਲਾਉਣ ਵਾਲਾ ਸੀ ਅਤੇ ਬਾਅਦ ਵਿੱਚ ਵੱਖਵਾਦੀ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਕਰ ਰਿਹਾ ਸੀ।