ਨਹੀਂ ਰਹੇ ਸਾਬਕਾ ਆਈਏਐਸ ਅਧਿਕਾਰੀ ਤੇ ਲੇਖਕ ਨ੍ਰਿਪਇੰਦਰ ਸਿੰਘ ਰਤਨ

ਡੈਸਕ- ਪੰਜਾਬ ਦੇ ਸਾਬਕਾ ਆਈ ਏ ਐਸ ਅਧਿਕਾਰੀ ਤੇ ਲੇਖਕ ਨਿ੍ਰਪਇੰਦਰ ਸਿੰਘ ਰਤਨ ਨਹੀਂ ਰਹੇ। ਉਨ੍ਹਾਂ ਦਾ ਅੱਜ ਸ਼ਾਮ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 80 ਸਾਲ ਸੀ ਅਤੇ ਉਹ ਅਪਣੇ ਪਿੱਛੇ ਇਕ ਪੁੱਤਰ, ਨੂੰਹ ਅਤੇ ਦੋ ਦੋਹਤੇ ਛੱਡ ਗਏ ਹਨ। ਮਰਹੂਮ ਗਿਆਨੀ ਮਹਿੰਦਰ ਸਿੰਘ ਦੇ ਸਪੁੱਤਰ ਰਤਨ ਪੰਜਾਬ ਸਰਕਾਰ ਵਿਚ ਡਵੀਜ਼ਨਲ ਕਮਿਸ਼ਨਰ ਸਮੇਤ ਅਹਿਮ ਅਹੁਦਿਆਂ ’ਤੇ ਰਹੇ।

ਪ੍ਰਸ਼ਾਸਕੀ ਸੇਵਾਵਾਂ ਨਿਭਾਉਣ ਦੇ ਨਾਲ ਨਾਲ ਉਹ ਸਫ਼ਲ ਲੇਖਕ ਵੀ ਸਨ। ਉਨ੍ਹਾਂ ਨੇ 2021 ਵਿਚ ਓਪਰੇਸ਼ਨ ਬਲੂ ਸਟਾਰ 84 ਦੇ ਨਾਮ ਹੇਠ ਇਕ ਕਿਤਾਬ ਵੀ ਲਿਖੀ। ਇਸ ਪੁਸਤਕ ਦੇ ਰਿਲੀਜ਼ ਸਮਾਗਮ ਦੀ ਖ਼ਬਰ ਨੂੰ ਰੋਜ਼ਾਨਾ ਸਪੋਕਸਮੈਨ ਨੇ ਪ੍ਰਮੁਖਤਾ ਨਾਲ ਛਾਪਿਆ ਸੀ। ਇਸ ਪੁਸਤਕ ਵਿਚ ਸ੍ਰੀ ਦਰਬਾਰ ਸਾਹਿਬ ’ਤੇ ਫ਼ੌਜੀ ਹਮਲੇ ਸਮੇਂ ਮਾਰੇ ਗਏ ਸ਼ਰਧਾਲੂਆਂ, ਫ਼ੌਜੀਆਂ ਅਤੇ ਖਾੜਕੂਆਂ ਦੀ ਗਿਣਤੀ ਬਾਰੇ ਛਪੀਆਂ ਹੋਰ ਕਿਤਾਬਾਂ ਤੋਂ ਵਖਰੇ ਅੰਕੜੇ ਹੋਣ ਦਾ ਦਾ ਦਾਅਵਾ ਕੀਤਾ ਗਿਆ ਸੀ।

ਲੇਖਕ ਦਾ ਕਹਿਣਾ ਸੀ ਕਿ ਕਈ ਸਾਲਾਂ ਦੀ ਮਿਹਨਤ ਬਾਅਦ ਇਹ ਅੰਕੜੇ ਉਨ੍ਹਾਂ ਨੇ ਖ਼ੁਦ ਖੋਜ ਪੜਤਾਲ ਕਰ ਕੇ ਇਕੱਤਰ ਕੀਤੇ ਹਨ। ਰਤਨ ਦੀ ਭੈਣ ਰਮਾ ਰਤਨ ਜੋ ਕਿ ਖ਼ੁਦ ਵੀ ਇਕ ਲੇਖਕ ਹਨ ਨੇ, ਦਸਿਆ ਕਿ ਉਨ੍ਹਾਂ ਦੇ ਭਰਾ ਦਾ ਅੰਤਮ ਸਸਕਾਰ 14 ਨਵੰਬਰ 12 ਵਜੇ ਸੈਕਟਰ 25 ਦੇ ਬਿਜਲਈ ਸ਼ਮਸ਼ਾਨ ਘਾਟ ਵਿਖੇ ਹੋਏਗਾ।