ਕੀ ਪੰਜ-ਆਬਾਂ ਦੀ ਧਰਤੀ ਬਣ ਚੁੱਕੀ ਹੈ ਤੇਜ਼ਾਬਾਂ ਦੀ ਧਰਤੀ ? ਆਲੋਅਰਖ ਦੇ ਬੋਰਾਂ ਵਿਚ ਨਿਕਲ ਰਿਹਾ ਤੇਜ਼ਾਬੀ ਪਾਣੀ ਖਤਰੇ ਦੀ ਵੱਡੀ ਘੰਟੀ !

ਵਿਸ਼ੇਸ਼ ਰਿਪੋਰਟ ਜਸਬੀਰ ਵਾਟਾਂਵਾਲੀ

ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਈ। ਇਸ ਵਾਇਰਲ ਵੀਡੀਓ ਚ ਖੇਤਾਂ ਵਿਚ ਲੱਗੇ ਬੋਰ ਵਿਚੋਂ ਕੈਮੀਕਲ ਯੁਕਤ ਗੰਦਾ ਪਾਣੀ ਨਿਕਲਦਾ ਦਿਖਾਈ ਦੇ ਰਿਹਾ ਹੈ। ਪੜਤਾਲ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਇਹ ਮਾਮਲਾ ਭਵਾਨੀਗੜ੍ਹ ਬਲਾਕ ਦੇ ਪਿੰਡ ਆਲੋਅਰਖ ਦਾ ਹੈ। ਜਿਹੜੇ ਖੇਤਾਂ ਵਿਚ ਇਹ ਮੋਟਰ ਚੱਲ ਰਹੀ ਹੈ ਉਹ ਖੇਤ ਸਾਬਕਾ ਫੌਜੀ ਕਿਸਾਨ ਕੁਲਵਿੰਦਰ ਸਿੰਘ ਦੇ ਹਨ। ਉਨ੍ਹਾਂ ਦੇ ਖੇਤਾਂ ਵਿਚ ਲੱਗੀ ਇਹ ਮੋਟਰ ਪੰਜ ਦਰਿਆਵਾਂ ਦਾ ਸਾਫ਼-ਸ਼ਫ਼ਾਫ਼ ਅਤੇ ਮਿੱਠਾ ਪਾਣੀ ਨਹੀਂ ਕੱਢ ਰਹੀ ਬਲਕਿ ਤੇਜ਼ਾਬੀ ਅਤੇ ਜ਼ਹਿਰੀਲਾ ਪਾਣੀ ਕੱਢ ਰਹੀ ਹੈ। ਇਹ ਪਾਣੀ ਜਿੱਥੇ ਦੇਖਣ ਨੂੰ ਐਨਾ ਭਿਆਨਕ ਲੱਗ ਰਿਹਾ ਹੈ ਉੱਥੇ ਹੀ ਉਨ੍ਹਾਂ ਦੀਆਂ ਫਸਲਾਂ ਦੀ ਬਰਬਾਦੀ ਦਾ ਵੀ ਕਾਰਨ ਬਣ ਰਿਹਾ ਹੈ।ਇਸ ਦੇ ਨਾਲ-ਨਾਲ ਖੇਤਾਂ ਵਿੱਚ ਕੰਮ ਕਰਦੇ ਕਿਸਾਨ-ਮਜ਼ਦੂਰਾਂ ਨੂੰ ਵੀ ਇਸ ਪਾਣੀ ਕਾਰਨ ਚਮੜੀ ਦੀਆਂ ਭਿਆਨਕ ਬੀਮਾਰੀਆਂ ਵੀ ਹੋ ਰਹੀਆਂ ਹਨ ।
ਦਰਅਸਲ ਭਵਾਨੀਗੜ੍ਹ ਬਲਾਕ ਦੇ ਪਿੰਡ ਆਲੋਅਰਖ ਵਿਖੇ 1980 ਦੇ ਦਹਾਕੇ ਦੌਰਾਨ ਕੈਮੀਕਲ ਪਲਾਂਟ ਲੱਗਿਆ ਸੀ। ਇਸ ਪਲਾਂਟ ਦੇ ਮਾਲਕ ਫੈਕਟਰੀ ਦੀ ਪ੍ਰੋਡਕਸ਼ਨ ਦੌਰਾਨ ਫਾਲਤੂ ਤਰਲ ਪਦਾਰਥ ਜ਼ਮੀਨ ਵਿੱਚ 300 ਫੁੱਟ ਡੂੰਘੇ ਬੋਰ ਕਰਕੇ ਜਜ਼ਬ ਕਰ ਦਿੰਦੇ ਸਨ। ਉਸ ਵੇਲੇ ਜ਼ਮੀਨੀ ਪਾਣੀ ਦਾ ਪੱਧਰ ਕਾਫੀ ਉਪਰ ਸੀ ਅਤੇ ਬੋਰ ਵੀ ਡੂੰਘੇ ਨਹੀਂ ਸਨ। ਇਹ ਫੈਕਟਰੀ 2006 ਵਿੱਚ ਬੰਦ ਹੋ ਗਈ ਅਤੇ ਇਸ ਦੇ ਮਾਲਕ ਇਸ ਨੂੰ ਵੇਚ ਕੇ ਕਿਸੇ ਦੂਜੇ ਸੂਬੇ ਵਿਚ ਚਲੇ ਗਏ ਸਨ।

ਆਲੋਅਰਖ ਦੇ ਪੀੜਤ ਕਿਸਾਨ ਕੁਲਵਿੰਦਰ ਸਿੰਘ, ਅੰਮ੍ਰਿਤ ਸਿੰਘ ਅਤੇ ਰਾਜਵੰਤ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਜਦੋਂ ਜਦੋਂ ਧਰਤੀ ਹੇਠਲੇ ਪਾਣੀ ਦਾ ਲੈਵਲ ਕਾਫੀ ਡੂੰਘਾ ਚਲਾ ਗਿਆ ਤਾਂ ਉਨ੍ਹਾਂ ਨੂੰ ਮਜਬੂਰਨ ਹੀ ਬੋਰ 300 ਫੁੱਟ ਡੂੰਘਾ ਕਰਵਾਉਣੇ ਪਏ ਅਤੇ ਉਦੋਂ ਤੋਂ ਹੀ ਉਨ੍ਹਾਂ ਦੀਆਂ ਮੋਟਰਾਂ ਦਾ ਪਾਣੀ ਲਾਲ ਅਤੇ ਤੇਜ਼ਾਬੀ ਆਉਣ ਲੱਗ ਪਿਆ।
ਪ੍ਰਦੂਸ਼ਨ ਬੋਰਡ ਸੰਗਰੂਰ ਦੇ ਐੱਸ.ਡੀ.ਓ. ਸਿਮਰਪ੍ਰੀਤ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਫ਼ੈਕਟਰੀ ਕਾਫ਼ੀ ਸਮਾਂ ਪਹਿਲਾ ਬੰਦ ਹੋ ਗਈ ਹੈ ਸੀ। ਇਸ ਫ਼ੈਕਟਰੀ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ 2 ਕਰੋੜ ਰੁਪਿਆ ਦਾ ਜੁਰਮਾਨਾ ਵੀ ਕੀਤਾ ਗਿਆ ਸੀ ਪਰ ਬੰਦ ਹੋਈ ਫੈਕਟਰੀ ਦੇ ਮਾਲਕਾਂ ਵੱਲੋਂ ਹਾਲੇ ਤੱਕ ਵਿਭਾਗ ਨੂੰ ਜੁਰਮਾਨਾ ਵੀ ਨਹੀਂ ਭਰਿਆ ਗਿਆ । ਉਨ੍ਹਾਂ ਕਿਹਾ ਕਿ ਜਦੋਂ ਵੀ ਉਨ੍ਹਾਂ ਕੋਲੋ ਜੁਰਮਾਨਾ ਵਸੂਲ ਕੀਤਾ ਜਾਵੇਗਾ ਤਾਂ ਇਹ ਸਾਰੇ ਰੁਪਏ ਇੱਥੋਂ ਦੇ ਪਾਣੀ ਦੀ ਸੋਧ ਕਰਨ ਲਈ ਖ਼ਰਚੇ ਜਾਣਗੇ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਗ੍ਰੀਨ ਟ੍ਰਬਿਊਨਲ ਫੈਕਟਰੀ ਦੇ ਮਾਲਕਾਂ ਕੋਲੋਂ ਜੁਰਮਾਨਾ ਵਸੂਲਣ ਤੋਂ ਬਾਅਦ ਇਹ ਪੈਸਾ ਪਾਣੀ ਦੀ ਸੋਧ ਲਈ ਖ਼ਰਚ ਕਰ ਵੀ ਦਿੰਦਾ ਹੈ ਤਾਂ ਕੀ 2 ਕਰੋੜ ਰੁਪਏ ਨਾਲ ਧਰਤੀ ਦੇ ਹੇਠਲਾ ਜ਼ਹਿਰੀਲਾ ਹੋਇਆ ਪਾਣੀ ਦਾ ਸ਼ੁੱਧ ਭੰਡਾਰ, ਜਿਉਂ ਦਾ ਤਿਉਂ ਵਾਪਸ ਹੋ ਸਕੇਗਾ ? ਇਸ ਦੇ ਨਾਲ ਨਾਲ ਇਲਾਕੇ ਦੇ ਲੋਕਾਂ ਨੂੰ ਲੱਗੀਆਂ ਬਿਮਾਰੀਆਂ ਅਤੇ ਖ਼ਰਾਬ ਹੋਈਆਂ ਸਿਹਤਾਂ ਦੀ ਭਰਪਾਈ ਹੋ ਸਕੇਗੀ ?

ਪੰਜਾਬ ਵਿੱਚ ਇਹ ਮਾਮਲਾ ਇਕੱਲੇ ਆਲੋਅਰਖ ਦਾ ਨਹੀਂ ਹੈ ਬਲਕਿ ਹਰ ਸ਼ਹਿਰ ਅਤੇ ਸਨਅਤੀ ਖੇਤਰ ਵਿਚ ਲੱਗੀ ਇੰਡਸਟਰੀ ਨੇ ਪੰਜਾਬ ਦੇ ਪਾਣੀਆਂ ਨੂੰ ਜ਼ਹਿਰੀਲਾ ਬਣਾਉਣ ਵਿੱਚ ਵੱਡਾ ਰੋਲ ਅਦਾ ਕੀਤਾ ਹੈ। ਇਨ੍ਹਾਂ ਫੈਕਟਰੀਆਂ ਨੇ ਟਰੀਟਮੈਂਟ ਪਲਾਂਟ ਲਗਾ ਕੇ ਪਾਣੀ ਦਾ ਸਹੀ ਬੰਦੋਬਸਤ ਕਰਨ ਦੀ ਬਜਾਏ ਆਪਣੀ ਤਰਲ ਰਹਿੰਦ-ਖੂੰਹਦ ਨੂੰ ਜ਼ਮੀਨ ਵਿੱਚ ਡੂੰਘੇ ਬੋਰ ਕਰਕੇ ਪਾਉਣਾ ਸ਼ੁਰੂ ਕਰ ਦਿੱਤਾ ਹੈ।
ਇਸੇ ਤਰ੍ਹਾਂ ਦਾ ਇਕ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੀੜੀ ਅਫਗਾਨਾਂ ਵਿੱਚ ਵੀ ਸਾਹਮਣੇ ਆਇਆ ਸੀ । ਇੱਥੇ ਸਥਿਤ ਸ਼ੂਗਰ ਤੇ ਸ਼ਰਾਬ ਮਿੱਲ ਤੋਂ ਨਿਕਲਿਆ ਸੀਰਾ ਬਿਆਸ ਦਰਿਆ ਦੇ ਪਾਣੀ ‘ਚ ਘੁਲ ਜਾਣ ਕਾਰਨ ਲੱਖਾਂ ਮੱਛੀਆਂ ਦੀ ਮੌਤ ਹੋ ਗਈ ਸੀ । ਇਹ ਸੀਰਾ ਅਤੇ ਕੈਮੀਕਲ ਇੰਨਾ ਜ਼ਿਆਦਾ ਸੀ ਕਿ ਬਿਆਸ ਦਰਿਆ ਦੇ ਪਾਣੀ ਦਾ ਰੰਗ ਹੀ ਬਦਲ ਗਿਆ ਸੀ। ਇਸ ਕਾਰਨ ਵੱਡੀ ਗਿਣਤੀ ਵਿੱਚ ਮੱਛੀਆਂ ਸਮੇਤ ਹੋਰ ਜੀਵਾਂ ਦੀ ਹੋਈ ਮੌਤ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਚੱਢਾ ਸ਼ੂਗਰ ਐਂਡ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਨੂੰ ਸੀਲ ਕਰ ਦਿੱਤਾ ਸੀ। ਗਰੀਨ ਟ੍ਰਿਬਿਊਨਲ ਵੱਲੋਂ ਫੈਕਟਰੀ ਮਾਲਕਾਂ ਨੂੰ 5 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਸੀ।

ਇੱਥੇ ਹੀ ਬੱਸ ਨਹੀਂ ਪਿਛਲੇ ਸਮੇਂ ਦੌਰਾਨ ਸੰਗਰੂਰ ਅਤੇ ਮਲੇਰਕੋਟਲਾ ਵਿੱਚ ਨਗਰ ਕੌਂਸਲ ਨੇ ਸ਼ਹਿਰ ਦਾ ਸਾਰਾ ਗੰਦਾ ਅਤੇ ਬਰਸਾਤੀ ਪਾਣੀ ਡੂੰਘੇ ਬੋਰ ਕਰਕੇ ਜ਼ਮੀਨ ਵਿੱਚ ਪਾਉਣ ਦੀ ਯੋਜਨਾ ਉਲੀਕ ਲਈ ਸੀ। ਨਗਰ ਕੌਂਸਲ ਵੱਲੋਂ ਇਸ ਯੋਜਨਾ ਉੱਤੇ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਵਾਤਾਵਰਨ ਪ੍ਰੇਮੀਆਂ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਇਹ ਮਾਮਲਾ ਪ੍ਰਦੂਸ਼ਣ ਕੰਟਰੋਲ ਬੋਰਡ ਤੱਕ ਪਹੁੰਚ ਗਿਆ। ਇਸ ਸ਼ਿਕਾਇਤ ਤੋਂ ਬਾਅਦ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਿਟੀ ਕੌਂਸਲ ਨੂੰ ਸਖਤ ਨਿਰਦੇਸ਼ ਦਿੰਦਿਆਂ ਬੋਰਾਂ ਨੂੰ ਤੁਰੰਤ ਬੰਦ ਕਰਨ ਦੇ ਆਦੇਸ਼ ਦਿੱਤੇ ਸਨ।

ਹੁਣ ਸੁਆਲ ਇਹ ਪੈਦਾ ਹੁੰਦੇ ਹਨ, ਕੀ ਪਿੰਡ ਆਲੋਅਰਖ ਦੇ ਬੋਰਾਂ ਵਿੱਚੋਂ ਨਿਕਲ ਰਹੇ ਇਹ ਜ਼ਹਿਰੀਲੇ ਪਾਣੀ ਸਾਡੇ ਸਾਰਿਆਂ ਲਈ ਖ਼ਤਰੇ ਦੀ ਘੰਟੀ ਨਹੀਂ ਹਨ ? ਸਵਾਲ ਇਹ ਵੀ ਹੈ, ਕੀ ਪੰਜਾਬ ਦੇ ਜ਼ਮੀਨ ਦੋਜ਼ ਪਾਣੀਆਂ ਦੇ ਵਿੱਚ ਰਲੇ ਇਹ ਕੈਮੀਕਲ ਆਉਣ ਵਾਲੇ ਸਮੇਂ ਵਿੱਚ ਸਾਡੀਆਂ ਸਿਹਤਾਂ ਉੱਤੇ ਕੀ ਪ੍ਰਭਾਵ ਪਾਉਣਗੇ ? ਸਵਾਲ ਇਹ ਵੀ ਹਨ, ਕਿ ਪ੍ਰਦੂਸ਼ਣ ਕੰਟਰੋਲ ਕਰਨ ਵਾਲੇ ਸਮੁੱਚੇ ਵਿਭਾਗਾਂ ਦੀ ਇਨ੍ਹਾਂ ਮਾਮਲਿਆਂ ਸਬੰਧੀ ਕੋਈ ਜਵਾਬਦੇਹੀ ਕਿਉਂ ਨਹੀਂ ਹੈ? ਇਸ ਦੇ ਨਾਲ-ਨਾਲ ਸਵਾਲ ਇਹ ਵੀ ਹਨ, ਕੀ ਅਸੀਂ ਪੰਜ-ਆਬਾਂ ਦੀ ਧਰਤੀ ਨੂੰ ਤੇਜ਼ਾਬਾਂ ਦੀ ਧਰਤੀ ਤਾਂ ਨਹੀਂ ਬਣਾ ਦਿੱਤਾ?